ਭਾਰਤੇਂਦੂ ਹਰਿਸ਼ਚੰਦਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਰਤੇਂਦੂ ਹਰਿਸ਼ਚੰਦਰ (1850–1885): ਆਧੁਨਿਕ ਹਿੰਦੀ ਸਾਹਿਤ ਦਾ ਜਨਮਦਾਤਾ ਭਾਰਤੇਂਦੂ ਹਰਿਸ਼ਚੰਦਰ ਨੂੰ ਮੰਨਿਆ ਜਾਂਦਾ ਹੈ। ਹਿੰਦੀ ਸਾਹਿਤ ਰੂਪੀ ਨਦੀ ਲਗਪਗ ਇੱਕ ਹਜ਼ਾਰ ਸਾਲ ਤੋਂ ਕੇਵਲ ਕਵਿਤਾ ਜਾਂ ਪਦ ਰੂਪ ਵਿੱਚ ਵਹਿੰਦੀ ਰਹੀ ਹੈ। ਪਰੰਤੂ ਭਾਰਤੇਂਦੂ ਨੇ ਉਸ ਦਾ ਪਾਟ ਚੌੜਾ ਕਰਦੇ ਹੋਏ ਪਦ ਦੇ ਨਾਲ-ਨਾਲ ਗੱਦ ਦੇ ਭਿੰਨ-ਭਿੰਨ ਰੂਪਾਂ ਦੀ ਵੀ ਸ਼ੁਰੂਆਤ ਕਰ ਕੇ ਆਧੁਨਿਕ ਕਾਲ ਵਿੱਚ ਇਸ ਨੂੰ ਇੱਕ ਨਵਾਂ ਵਿਸ਼ਾਲ ਰੂਪ ਪ੍ਰਦਾਨ ਕੀਤਾ। ਉਸ ਦੀ ਬਹੁਮੁਖੀ ਪ੍ਰਤਿਭਾ ਦੀ ਛੋਹ ਸਦਕੇ ਹੀ ਹਿੰਦੀ ਸਾਹਿਤ ਵਿੱਚ ਨਾਟਕ, ਨਿਬੰਧ, ਕਹਾਣੀ, ਨਾਵਲ, ਆਲੋਚਨਾ ਆਦਿ ਗੱਦ ਰੂਪਾਂ ਦਾ ਵਾਧਾ ਹੋਇਆ। ਇਸ ਤਰ੍ਹਾਂ ਉਸ ਨੇ ਸਾਹਿਤ ਨੂੰ ਨਵੇਂ ਯੁੱਗ ਦੀ ਨਵੀਂ ਚੇਤਨਾ ਦੀ ਜਾਗ ਲਾਈ। ਆਧੁਨਿਕ ਹਿੰਦੀ ਸਾਹਿਤ ਦੇ ਨਿਰਮਾਤਾ ਜਾਂ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਉਸ ਦਾ ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਨਵੇਕਲਾ ਸਥਾਨ ਸੁਰੱਖਿਅਤ ਹੈ।

     ਜਿਸ ਸਮੇਂ ਭਾਰਤੇਂਦੂ ਦਾ ਜਨਮ ਹੋਇਆ ਭਾਰਤੀ ਸੰਸਕ੍ਰਿਤੀ ਅਤੇ ਪੱਛਮੀ ਸੰਸਕ੍ਰਿਤੀ ਵਿੱਚ ਇੱਕ ਪ੍ਰਕਾਰ ਦਾ ਸੰਘਰਸ਼ ਚੱਲ ਰਿਹਾ ਸੀ। ਭਾਰਤ ਵਿੱਚ ਪੱਛਮੀ ਵਿਚਾਰਧਾਰਾ ਅਤੇ ਨਵੀਂ ਸਿੱਖਿਆ ਤਾਂ ਜ਼ਰੂਰ ਫੈਲ ਰਹੀ ਸੀ ਪਰ ਹਿੰਦੀ ਸਾਹਿਤ ਨਵੀਂ ਚੇਤਨਾ ਤੋਂ ਊਣਾ ਅਤੇ ਨਵੇਂ ਵਿਚਾਰਾਂ ਪ੍ਰਤਿ ਗੂੰਗਾ ਸੀ। ਦੇਸ ਦੀ ਹੀਨ ਅਵਸਥਾ ਨੂੰ ਵੇਖ ਕੇ ਜਿਵੇਂ ਭਾਰਤੇਂਦੂ ਦੀ ਆਤਮਾ ਕੁਰਲਾ ਉੱਠੀ। ਇਸੇ ਦੇ ਸਿੱਟੇ ਵਜੋਂ ਉਹ ਕਵਿਤਾ ਰਚਨਾ ਦੇ ਮੱਧ-ਕਾਲੀ ਯੁੱਗ ਦੇ ਸ਼ਿੰਗਾਰ, ਪ੍ਰੇਮ, ਭਗਤੀ ਆਦਿ ਜਜ਼ਬਿਆਂ ਨੂੰ ਛੱਡ ਕੇ ਦੇਸ ਪ੍ਰੇਮ, ਸਮਾਜ ਸੁਧਾਰ ਅਤੇ ਦੇਸ ਕੌਮ ਦੇ ਨਵ-ਨਿਰਮਾਣ ਦੀਆਂ ਭਾਵਨਾਵਾਂ ਵੱਲ ਵੱਧ ਤੁਰਿਆ ਅਤੇ ਇਹ ਸਾਰੇ ਵਿਸ਼ੇ ਕਵਿਤਾ ਹੀ ਨਹੀਂ ਨਾਟਕ, ਨਿਬੰਧ ਆਦਿ ਵਿੱਚ ਵੀ ਪ੍ਰਚਲਿਤ ਕੀਤੇ।

     ਭਾਰਤੇਂਦੂ ਦਾ ਜਨਮ 9 ਸਤੰਬਰ 1850 ਨੂੰ ਉਸ ਸਮੇਂ ਦੇ ਕਾਸ਼ੀ (ਅਜਵਾਰਾਵਸੀ) ਦੇ ਇੱਕ ਧਨਾਢ ਅਗਰਵਾਲ ਪਰਿਵਾਰ ਵਿੱਚ ਹੋਇਆ। ਛੋਟੀ ਆਯੂ ਵਿੱਚ ਹੀ ਮਾਤਾ ਪਿਤਾ ਦੀ ਛਾਂ ਤੋਂ ਵੀ ਵਾਂਝਾ ਹੋ ਗਿਆ। ਉਸ ਦੀ ਜ਼ਿਆਦਾਤਰ ਪੜ੍ਹਾਈ ਘਰ ਵਿੱਚ ਹੀ ਹੋਈ। ਘਰ ਵਿੱਚ ਰਹਿ ਕੇ ਹੀ ਉਸ ਨੇ ਜਲਦੀ ਹੀ ਸੰਸਕ੍ਰਿਤ, ਹਿੰਦੀ, ਉਰਦੂ, ਅੰਗਰੇਜ਼ੀ ਆਦਿ ਭਾਸ਼ਾਵਾਂ ਦਾ ਚੰਗਾ ਗਿਆਨ ਪ੍ਰਾਪਤ ਕਰ ਲਿਆ। ਇਹੀ ਨਹੀਂ ਹੋਰ ਉੱਨਤ ਭਾਰਤੀ ਭਾਸ਼ਾਵਾਂ ਜਿਵੇਂ ਬੰਗਲਾ, ਮਰਾਠੀ, ਗੁਜਰਾਤੀ ਵਿੱਚ ਵੀ ਉਸ ਨੇ ਡੂੰਘੀ ਦਿਲਚਸਪੀ ਲਈ। ਉਸ ਦਾ ਦਿਹਾਂਤ 1885 ਵਿੱਚ ਹੋਇਆ।

     ਭਾਰਤੇਂਦੂ ਚੌਂਤੀ ਵਰ੍ਹੇ ਦੀ ਥੋੜ੍ਹੀ ਜਿਹੀ ਜ਼ਿੰਦਗੀ ਵਿੱਚ ਹੀ ਹਿੰਦੀ ਸਾਹਿਤ ਵਿੱਚ ਇੱਕ ਨਵੇਂ ਯੁੱਗ ਦੀ ਨੀਂਹ ਰੱਖਣ ਅਤੇ ਉਸ ਨੂੰ ਨਵੀਆਂ ਲੀਹਾਂ ਤੇ ਕਾਫ਼ੀ ਅੱਗੇ ਲਿਜਾਣ ਵਿੱਚ ਵੀ ਸਫਲ ਹੋਇਆ। ਉਸ ਨੇ ਨਵੇਂ ਪ੍ਰਕਾਰ ਦੇ ਕਾਵਿ ਅਤੇ ਗੱਦ ਦੇ ਨਮੂਨੇ ਖ਼ੁਦ ਹੀ ਪੇਸ਼ ਨਹੀਂ ਕੀਤੇ ਬਲਕਿ ਬਹੁਤ ਸਾਰੇ ਲੇਖਕਾਂ ਨੂੰ ਵੀ ਉਸ ਰਾਹ ਉੱਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਹੀ ਕਾਰਨ ਹੈ ਕਿ ਆਧੁਨਿਕ ਹਿੰਦੀ ਸਾਹਿਤ ਦਾ ਪਹਿਲਾ ਚਰਨ ਭਾਰਤੇਂਦੂ ਯੁੱਗ ਨਾਂ ਨਾਲ ਪ੍ਰਸਿੱਧ ਹੋਇਆ। ਖ਼ੁਦ ਉਸ ਨੇ ਲਗਪਗ 150 ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ 17 ਨਾਟਕ, 60 ਕਾਵਿ-ਗ੍ਰੰਥ, 14 ਇਤਿਹਾਸ ਵਿਸ਼ੇ ਸੰਬੰਧੀ ਪੁਸਤਕਾਂ, 16 ਧਰਮ ਗ੍ਰੰਥ ਅਤੇ 17 ਫੁਟਕਲ ਵਿਸ਼ਿਆਂ ਦੇ ਗ੍ਰੰਥ ਹਨ। ਇਹਨਾਂ ਤੋਂ ਬਿਨਾਂ ਉਸ ਨੇ ਅਨੇਕ ਨਿਬੰਧ ਵੀ ਲਿਖੇ ਜੋ ਪੱਤਰ ਪਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ ਹੋਏ।

     ਭਾਰਤੇਂਦੂ ਨੂੰ ਵਿਰਸੇ ਵਿੱਚ ਹੀ ਕਾਵਿ-ਕਲਾ, ਨਾਟ- ਕਲਾ ਅਤੇ ਦਾਨਸ਼ੀਲਤਾ ਪ੍ਰਾਪਤ ਹੋਏ ਸਨ। ਕਿਹਾ ਜਾਂਦਾ ਹੈ ਕਿ ਸੱਤ ਸਾਲ ਦੀ ਉਮਰ ਵਿੱਚ ਹੀ ਉਸ ਨੇ ਇੱਕ ਦੋਹਾ ਰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹ ਉਹ ਸਮਾਂ ਸੀ ਜਦੋਂ ਕਵਿਤਾ ਬ੍ਰਜ ਭਾਸ਼ਾ ਵਿੱਚ ਹੀ ਲਿਖੀ ਜਾ ਰਹੀ ਸੀ। ਪਰ ਭਾਰਤੇਂਦੂ ਨੇ ਪਹਿਲੀ ਵਾਰ ਬ੍ਰਜ ਤੋਂ ਇਲਾਵਾ ਉਸ ਸਮੇਂ ਦੀ ਨਬਜ਼ ਪਛਾਣਦੇ ਹੋਏ ਨਵੇ ਭਾਵਾਂ ਨੂੰ ਨਵੀਂ ਭਾਸ਼ਾ ਖੜੀ ਬੋਲੀ (ਜੋ ਅੱਜ ਪ੍ਰਚਲਿਤ ਹੈ) ਵਿੱਚ ਵੀ ਉਲੀਕਣ ਦੀ ਪ੍ਰਥਾ ਚਲਾਈ। ਪਹਿਲਾਂ ਪਹਿਲ ਉਸ ਨੇ ਬ੍ਰਜ ਭਾਸ਼ਾ ਵਿੱਚ ਹੋਲੀ, ਪ੍ਰੇਮ ਫੁਲਵਾਰੀ, ਪ੍ਰੇਮ ਪ੍ਰਲਾਪ, ਭਾਰਤ ਵੀਣਾ, ਸਤਸਈ ਸ਼ੰਗਾਰ ਆਦਿ ਕਾਵਿ-ਰਚਨਾਵਾਂ ਜ਼ਰੂਰ ਲਿਖੀਆਂ ਜਿਨ੍ਹਾਂ ਵਿੱਚ ਪ੍ਰੇਮ ਜਾਂ ਭਗਤੀ ਹੀ ਪ੍ਰਮੁਖ ਹੈ ਪਰ ਬਾਅਦ ਵਿੱਚ ਖੜੀ ਬੋਲੀ ਵਿੱਚ ਕਵਿਤਾ ਦੇ ਨਮੂਨੇ ਜ਼ਿਆਦਾਤਰ ਨਾਟਕਾਂ ਵਿੱਚ ਹੀ ਪੇਸ਼ ਕੀਤੇ ਜਿਵੇਂ:

ਆਵਹੁ ਸਬ ਮਿਲਕਰ ਰੋਵਹੁ ਭਾਰਤ ਭਾਈ

          ਹਾ! ਹਾ! ਭਾਰਤ ਦੁਰਦਸ਼ਾ ਨਾ ਦੇਖੀ ਜਾਈ।

     ਭਾਰਤੇਂਦੂ ਨੇ ਹਿੰਦੀ ਨਾਟਕ ਦਾ ਅਰੰਭ ਕਰ ਕੇ ਉਸ ਨੂੰ ਮਜ਼ਬੂਤ ਨੀਂਹ ਵੀ ਪ੍ਰਦਾਨ ਕੀਤੀ। ਉਸ ਦੇ ਨਾਟਕ ਮੌਲਿਕ ਵੀ ਹਨ, ਦੂਜੀਆਂ ਭਾਸ਼ਾਵਾਂ ਤੋਂ ਰੂਪਾਂਤਰਿਤ ਵੀ ਅਤੇ ਅਨੁਵਾਦਿਤ ਵੀ। ਪਰ ਉਹਨਾਂ ਵਿੱਚ ਕੋਈ ਨਾ ਕੋਈ ਸੰਦੇਸ਼ ਜ਼ਰੂਰ ਮਿਲਦਾ ਹੈ। ਉਸ ਦੇ ਬਹੁਤੇ ਨਾਟਕ ਦੇਸ ਭਗਤੀ, ਦੇਸ ਦੁਰਗਤੀ, ਸਮਾਜਿਕ-ਰਾਜਨੀਤਿਕ ਸਮੱਸਿਆਵਾਂ ਦੀ ਅਸਲੀਅਤ ਨੂੰ ਨਿਡਰ ਹੋ ਕੇ ਉਲੀਕਦੇ ਹਨ। ਉਸ ਯੁੱਗ ਵਿੱਚ ਅੰਗਰੇਜ਼ੀ ਸਾਮਰਾਜ ਨੂੰ ਆਪਣੇ ਸਾਹਿਤ ਰਾਹੀਂ ਲਲਕਾਰਨਾ ਬੜੀ ਦਲੇਰੀ ਦੀ ਗੱਲ ਸੀ। ਉਸ ਨੇ ਭਾਵੇਂ ਕੁਝ-ਕੁਝ ਅੰਗਰੇਜ਼ੀ ਸਾਮਰਾਜ ਦੀ ਪ੍ਰਸੰਸਾ ਵੀ ਕੀਤੀ ਪਰ ਇਹ ਵੀ ਸਾਫ਼-ਸਾਫ਼ ਲਿਖਿਆ :

ਅੰਗ੍ਰੇਜ਼ ਰਾਜ ਸੁਖ ਸਾਜ ਸਜੇ ਸਬ ਭਾਰੀ

          ਪੈ ਧਨ ਵਿਦੇਸ਼ ਚਲਿ ਜਾਤ ਇਹੈ ਅਤਿ ਖਵਾਰੀ।

     ਭਾਰਤ ਦੀ ਦੁਰਗਤੀ ਦੇ ਅਨੇਕਾਂ ਕਾਰਨਾਂ ਨੂੰ ਭਾਰਤੇਂਦੂ ਨੇ ਆਪਣੇ ਨਾਟਕਾਂ ਵਿੱਚ ਬਹੁਤ ਨਾਟਕੀ ਰੂਪ ਵਿੱਚ ਪੇਸ਼ ਕੀਤਾ ਹੈ। ਜਿਵੇਂ :

ਹਮਾਰਾ ਨਾਮ ਹੈ ਸਤਿਆਨਾਸ।

ਆਏ ਹੈਂ ਰਾਜਾ ਕੇ ਹਮ ਪਾਸ।

ਧਰ ਕੇ ਹਮ ਲਾਖੋਂ ਹੀ ਭੇਸ।

ਕੀਆ ਚੌਪਟ ਯਹ ਸਾਰਾ ਦੇਸ।

ਬਹੁਤ ਹਮਨੇ ਫੈਲਾਏ ਧਰਮ।

          ਬੜ੍ਹਾਇਆ ਛੂਆ ਛੂਤ ਕਾ ਕਰਮ।...

     ਭਾਰਤੇਂਦੂ ਦੇ ਪ੍ਰਸਿੱਧ ਨਾਟਕ ਹਨ-ਵੈਦਿਕੀ ਹਿੰਸਾ ਹਿੰਸਾ ਨਾ ਭਵਤੀ, ਅੰਧੇਰ ਨਗਰੀ, ਭਾਰਤ ਦੁਰਦਸ਼ਾ, ਨੀਲ ਦੇਵੀ, ਚੰਦ੍ਰਾਵਲੀ, ਸਤਯ ਹਰਿਸ਼ਚੰਦਰ ਆਦਿ। ਉਹਨਾਂ ਨੇ ਬੰਗਲਾ ਤੋਂ ਵਿਦਿਆਸੁੰਦਰ, ਸੰਸਕ੍ਰਿਤ ਤੋਂ ਮੁਦ੍ਰਾ ਰਾਖਸ਼ਸ਼, ਅੰਗਰੇਜ਼ੀ ਤੋਂ ਦੁਰਲਭ ਬੰਧੂ ਆਦਿ ਨਾਟਕਾਂ ਦੇ ਹਿੰਦੀ ਅਨੁਵਾਦ ਲਿਖ ਕੇ ਹਿੰਦੀ ਨਾਟਕ ਸਾਹਿਤ ਨੂੰ ਅਮੀਰ ਕੀਤਾ। ਇਹੀ ਨਹੀਂ ਉਸ ਨੇ ਖ਼ੁਦ ਨਾਟਕਾਂ ਦਾ ਮੰਚਨ ਵੀ ਕੀਤਾ, ਨਿਰਦੇਸ਼ਨ ਵੀ ਅਤੇ ਖ਼ੁਦ ਅਦਾਕਾਰ ਰੂਪ ਵਿੱਚ ਵੀ ਦਰਸ਼ਕਾਂ ਦੇ ਸਨਮੁਖ ਆਇਆ। ਉਸ ਨੇ ਹਿੰਦੀ ਰੰਗ-ਮੰਚ ਦੀ ਸਥਾਪਨਾ ਕਰਨ ਦਾ ਸੁਚੱਜਾ ਉੱਦਮ ਕੀਤਾ।

     ਭਾਰਤੇਂਦੂ ਨੇ ਗੱਦ ਦੇ ਪ੍ਰਸਾਰ ਲਈ ਪੱਤਰ ਪਤ੍ਰਿਕਾਵਾਂ ਦਾ ਵੀ ਸਹਾਰਾ ਲਿਆ। ਉਸ ਨੇ ਖ਼ੁਦ ਕਵੀ ਵਚਨ ਸੁਧਾ, ਹਰਿਸ਼ਚੰਦ੍ਰ ਚੰਦ੍ਰਿਕਾ ਅਤੇ ਬਾਲਾ ਬੋਧਨੀ ਨਾਮਕ ਪਤ੍ਰਿਕਾਵਾਂ ਦਾ ਸੰਪਾਦਨ ਕੀਤਾ ਅਤੇ ਉਹਨਾਂ ਰਾਹੀਂ ਹਿੰਦੀ ਨਿਬੰਧ ਦੀ ਨਿੱਗਰ ਸ਼ੁਰੂਆਤ ਕੀਤੀ। ਉਸ ਨੇ ਖ਼ੁਦ ਨਵੇਂ-ਨਵੇਂ ਵਿਸ਼ਿਆਂ ਤੇ ਨਿਬੰਧ ਲਿਖੇ ਅਤੇ ਆਪਣੇ ਸਮਕਾਲੀ ਲੇਖਕਾਂ ਨੂੰ ਵੀ ਨਿਬੰਧ ਲਿਖਣ ਲਈ ਪ੍ਰੇਰਿਆ। ਇਸੇ ਤਰ੍ਹਾਂ ਪਤ੍ਰਿਕਾਵਾਂ ਰਾਹੀਂ ਹਿੰਦੀ ਆਲੋਚਨਾ ਨੂੰ ਵੀ ਅੱਗੇ ਲਿਆਉਣ ਵਿੱਚ ਯੋਗਦਾਨ ਦਿੱਤਾ ਅਤੇ ਲੇਖਕਾਂ ਦੀਆਂ ਰਚਨਾਵਾਂ ਦਾ ਮੁਲਾਂਕਣ-ਵਿਸ਼ਲੇਸ਼ਣ ਕਰਨ ਦੀ ਪਿਰਤ ਪਾਈ। ਉਸ ਦੀ ਆਲੋਚਨਾ ਕਲਾ ਦੀ ਪ੍ਰਤਿਨਿਧਤਾ ਉਸ ਦਾ ਨਾਟਕ ਨਾਮਕ ਨਿਬੰਧ ਕਰਦਾ ਹੈ।

     ਭਾਰਤੇਂਦੂ ਭਾਰਤੀ ਭਾਸ਼ਾਵਾਂ ਦਾ ਬਹੁਤ ਵੱਡਾ ਹਿਮਾਇਤੀ ਸੀ। ਉਸ ਨੇ ਨਿਜ ਭਾਸ਼ਾ ਪ੍ਰਤਿ ਪ੍ਰੇਮ ਦਰਸਾਉਂਦੇ ਹੋਏ ਲਿਖਿਆ :

ਅੰਗ੍ਰੇਜ਼ੀ ਪੜ੍ਹ ਕੇ ਜਦਪਿ ਸਬ ਗੁਣ ਹੋਤ ਪ੍ਰਵੀਣ

          ਪੈ ਨਿਜ ਭਾਸ਼ਾ ਗਿਆਨ ਬਿਨ ਰਹਤ ਹੀਨ ਕੇ ਹੀਨ।

     ਉਸ ਦਾ ਦ੍ਰਿੜ੍ਹ ਵਿਚਾਰ ਸੀ ਕਿ ਨਿਜ ਭਾਸ਼ਾ ਹੀ ਸਭ ਪ੍ਰਕਾਰ ਦੀ ਉੱਨਤੀ ਦਾ ਮੂਲ ਹੈ। ਮਾਤ ਭਾਸ਼ਾ ਦੇ ਬਿਨਾਂ ਮਨ ਕਦੇ ਵੀ ਸੁਖੀ ਨਹੀਂ ਹੋ ਸਕਦਾ।

     ਭਾਰਤੇਂਦੂ ਨੇ ਅਜੋਕੀ ਹਿੰਦੀ ਜਾਂ ਖੜੀ ਬੋਲੀ ਹਿੰਦੀ ਦਾ ਸਭ ਤੋਂ ਪਹਿਲਾਂ ਪ੍ਰਯੋਗ ਅਤੇ ਪ੍ਰਚਾਰ ਕੀਤਾ। ਉਹ ਅਰਬੀ, ਫ਼ਾਰਸੀ ਜਾਂ ਸੰਸਕ੍ਰਿਤ ਆਦਿ ਦੇ ਕਠਨ ਸ਼ਬਦਾਂ ਦੀ ਥਾਂ ਆਮ ਪ੍ਰਚਲਿਤ ਬੋਲ-ਚਾਲ ਦੀ ਬੋਲੀ ਦਾ ਸਮਰਥਕ ਸੀ।

     ਭਾਰਤੇਂਦੂ ਅਦੁੱਤੀ ਪ੍ਰਤਿਭਾ ਦਾ ਮਾਲਕ ਸੀ। ਉਹ ਉੱਚ-ਸ਼੍ਰੇਣੀ ਦਾ ਨਾਟਕਕਾਰ, ਨਿਰਦੇਸ਼ਕ, ਅਭਿਨੇਤਾ, ਕਵੀ, ਅਨੁਵਾਦਕ, ਨਿਬੰਧਕਾਰ, ਸਮਾਲੋਚਕ, ਸੰਪਾਦਕ, ਭਾਰਤੀ ਭਾਸ਼ਾਵਾਂ ਦਾ ਹਿਮਾਇਤੀ, ਦੇਸ ਭਗਤ ਰੂਪ ਵਿੱਚ ਸੱਚ-ਮੁੱਚ ਹੀ ਭਾਰਤ ਦੇ ਅਕਾਸ਼ ਉੱਤੇ ਜਗਮਗਾਣ ਵਾਲਾ ਇੰਦੂ ਚੰਦਰਮਾ ਸੀ।


ਲੇਖਕ : ਯੋਗੇਂਦਰ ਬਖ਼ਸ਼ੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.